ਹੈਦਰਾਬਾਦ ਦੇ ਸੰਧਿਆ ਥੀਏਟਰ ਭਗਦੜ ਮਾਮਲੇ ‘ਚ ‘ਪੁਸ਼ਪਾ 2’ ਦੇ ਅਦਾਕਾਰ ਅਲੂ ਅਰਜੁਨ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦਾ ਗੁੱਸਾ ਭੜਕ ਗਿਆ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅੱਲੂ ਅਰਜੁਨ ਦੀ ਗ੍ਰਿਫਤਾਰੀ ਦਾ ਕੋਈ ਮਤਲਬ ਨਹੀਂ ਹੈ। 4 ਦਸੰਬਰ ਨੂੰ ਫਿਲਮ ਦੀ ਸਕਰੀਨਿੰਗ ਦੌਰਾਨ ਥੀਏਟਰ ਵਿੱਚ ਮਚੀ ਭਗਦੜ ਵਿੱਚ ਇੱਕ 35 ਸਾਲਾ ਔਰਤ ਦੀ ਜਾਨ ਚਲੀ ਗਈ ਸੀ ਜਦੋਂਕਿ ਉਸਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹੈਦਰਾਬਾਦ ਪੁਲਸ ਨੇ ਅੱਲੂ ਅਰਜੁਨ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਹੈ। ਚਿੱਕੜਪੱਲੀ ਪੁਲਿਸ ਉਸ ਨੂੰ ਸੰਧਿਆ ਥੀਏਟਰ ਭਗਦੜ ਮਾਮਲੇ ‘ਚ ਪੁੱਛਗਿੱਛ ਲਈ ਥਾਣੇ ਲੈ ਗਈ। ਸੋਸ਼ਲ ਮੀਡੀਆ ‘ਤੇ ਜਿਵੇਂ ਹੀ ਇਹ ਖਬਰ ਆਈ, ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਦਾ ਗੁੱਸਾ ਅਸਮਾਨੀ ਚੜ੍ਹ ਗਿਆ ਅਤੇ ਸੋਸ਼ਲ ਸਾਈਟ ਐਕਸ (ਪਹਿਲਾਂ ਟਵਿੱਟਰ) ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਪ੍ਰਸ਼ੰਸਕਾਂ ਨੇ ਭਗਦੜ ਅਤੇ ਇਸ ਦੇ ਮੰਦਭਾਗੇ ਨਤੀਜਿਆਂ ਲਈ ਅੱਲੂ ਅਰਜੁਨ ਨੂੰ ਜ਼ਿੰਮੇਵਾਰ ਠਹਿਰਾਉਣ ਨੂੰ ਹਾਸੋਹੀਣੀ ਕਰਾਰ ਦਿੱਤਾ ਹੈ।
ਅਲੂ ਅਰਜੁਨ ਦੇ ਫੈਂਸ ਨੇ ਕੀਤਾ ਸਮਰਥਨ
ਅਦਾਕਾਰ ਦੇ ਇੱਕ ਪ੍ਰਸ਼ੰਸਕ ਨੇ ਇੰਸਟਾਗ੍ਰਾਮ ‘ਤੇ ਲਿਖਿਆ, ਅੱਲੂ ਅਰਜੁਨ ‘ਤੇ ਦੋਸ਼ ਲਗਾਉਣਾ ਹਾਸੋਹੀਣਾ ਹੈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਫੋਰਸ ਮੌਜੂਦ ਹੈ। ਇਹ ਉਨ੍ਹਾਂ ਦੀ ਗਲਤੀ ਹੈ। ਫੈਨ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ, ਜਸ਼ਨ ਮਨਾਉਣ ਲਈ ਭੀੜ ਦਾ ਇਕੱਠਾ ਹੋਣਾ ਸੁਭਾਵਿਕ ਹੈ। ਇਹ ਪਰਿਵਾਰ ਦਾ ਕਸੂਰ ਹੈ ਕਿ ਉਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾਈ। ਦੂਸਰੇ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਅੱਲੂ ਅਰਜੁਨ ਨੂੰ ਦੋਸ਼ੀ ਠਹਿਰਾਉਣਾ ਸਰਾਸਰ ਮੂਰਖਤਾ ਹੈ। ਉਸ ਦਾ ਇਹਨਾਂ ਮੌਤਾਂ ਨਾਲ ਕੀ ਲੈਣਾ ਦੇਣਾ ਹੈ? ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ਕੋਈ ਜਲਦੀ ਫੌਜ ਨੂੰ ਬੁਲਾਵੇ। ਸਕੂਲਾਂ ਵਿੱਚ ਛੁੱਟੀਆਂ ਕਰਵਾਓ। ਹਾਲਾਂਕਿ ਕੁਝ ਲੋਕਾਂ ਨੇ ਇਸ ਮਾਮਲੇ ‘ਚ ਤੇਜ਼ੀ ਨਾਲ ਕਾਰਵਾਈ ਕਰਨ ਲਈ ਹੈਦਰਾਬਾਦ ਪੁਲਸ ਦੀ ਤਾਰੀਫ ਵੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਾਨੂੰਨ ਹਰ ਭਾਰਤੀ ਨਾਗਰਿਕ ਲਈ ਬਰਾਬਰ ਹੈ।